Breaking News
ਪੰਜਾਬ ਯੂਥ ਕਾਂਗਰਸ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਨੌਜਵਾਨ ਆਗੂਆਂ ਦਾ ਸ਼ਾਹੀ ਇਮਾਮ ਵੱਲੋਂ ਵਿਸ਼ੇਸ਼ ਸਨਮਾਨ
Political News

ਪੰਜਾਬ ਯੂਥ ਕਾਂਗਰਸ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਨੌਜਵਾਨ ਆਗੂਆਂ ਦਾ ਸ਼ਾਹੀ ਇਮਾਮ ਵੱਲੋਂ ਵਿਸ਼ੇਸ਼ ਸਨਮਾਨ

27 Jun 2026

ਮੁਜ਼ੱਮਿਲ ਅਲੀ ਖ਼ਾਨ ਦੀ ਅਗਵਾਈ 'ਚ ਜਿੱਤੇ ਯੂਥ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਨੂੰ ਸ਼ਾਹੀ ਇਮਾਮ ਨੇ ਦਿੱਤੀਆਂ ਦੁਆਵਾਂ


ਮਾਲੇਰਕੋਟਲਾ, 27 ਜੂਨ- ਅੱਜ ਇਤਿਹਾਸਕ ਜਾਮਾ ਮਸਜਿਦ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਸ਼ਾਨਦਾਰ ਜਿੱਤ ਹਾਸਲ ਕਰਕੇ ਆਏ ਨੌਜਵਾਨ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁਜ਼ੱਮਿਲ ਅਲੀ ਖ਼ਾਨ ਸ਼ੇਰਵਾਨੀ ਦੀ ਅਗਵਾਈ ਵਿੱਚ ਜਿੱਤ ਕੇ ਪਹੁੰਚੇ ਇਨ੍ਹਾਂ ਨੌਜਵਾਨਾਂ ਨੂੰ ਸ਼ਾਹੀ ਇਮਾਮ ਨੇ ਸਿਰੋਪਾਓ ਅਤੇ ਦੁਆਵਾਂ ਦੇ ਕੇ ਨਿਵਾਜਿਆ ਅਤੇ ਉਨ੍ਹਾਂ ਦੀ ਇਸ ਵੱਡੀ ਕਾਮਯਾਬੀ 'ਤੇ ਖ਼ਾਸ ਮੁਬਾਰਕਬਾਦ ਦਿੱਤੀ।

ਇਸ ਚੋਣ ਵਿੱਚ ਆਸਿਫ਼ ਮਲਿਕ, ਮੋਹਸਿਨ ਖ਼ਾਨ, ਮਹਿਫ਼ੂਜ਼ ਸਲਮਾਨੀ ਅਤੇ ਖ਼ਾਮਿਦ ਅਲੀ ਨੇ ਬਤੌਰ ਜਨਰਲ ਸਕੱਤਰ ਪੰਜਾਬ, ਜਦੋਂ ਕਿ ਮਾਜਿਦ ਚੌਹਾਨ ਅਤੇ ਆਸਿਫ਼ ਖ਼ਾਨ ਨੇ ਸਟੇਟ ਸਕੱਤਰ ਪੰਜਾਬ ਵਜੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਦੁਆਵਾਂ ਦਿੰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ “ਰਾਜਨੀਤੀ ਸਿਰਫ਼ ਪਦ ਜਾਂ ਅਹੁਦਾ ਹਾਸਲ ਕਰਨ ਦਾ ਜ਼ਰੀਆ ਨਹੀਂ ਹੈ, ਬਲਕਿ ਇਹ ਮਜ਼ਲੂਮਾਂ, ਲੋੜਵੰਦਾਂ ਅਤੇ ਜਨਤਾ ਦੀ ਸੇਵਾ ਦਾ ਇੱਕ ਪਵਿੱਤਰ ਮਾਧਿਅਮ ਹੈ। ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਇਨ੍ਹਾਂ ਨੌਜਵਾਨਾਂ ਦੀ ਇਤਿਹਾਸਕ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਸੂਬੇ ਦੇ ਨੌਜਵਾਨਾਂ ਵਿੱਚ ਕੁਝ ਨਵਾਂ ਅਤੇ ਸਕਾਰਾਤਮਕ ਕਰਨ ਦਾ ਜਜ਼ਬਾ ਹੈ। ਮੁਜ਼ੱਮਿਲ ਅਲੀ ਖ਼ਾਨ ਦੀ ਅਗਵਾਈ ਹੇਠ ਜਿੱਤ ਕੇ ਆਈ ਇਹ ਨੌਜਵਾਨ ਟੀਮ ਕੌਮ ਅਤੇ ਸੂਬੇ ਦਾ ਸਰਮਾਇਆ ਹੈ।”

ਉਨ੍ਹਾਂ ਅੱਗੇ ਕਿਹਾ ਕਿ “ਅੱਜ ਦੇ ਦੌਰ ਵਿੱਚ ਨੌਜਵਾਨਾਂ ਸਿਰ ਵੱਡੀ ਜ਼ਿੰਮੇਵਾਰੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਹ ਨਵੇਂ ਚੁਣੇ ਗਏ ਆਗੂ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਨੌਜਵਾਨਾਂ ਨੂੰ ਲਾਮਬੰਦ ਕਰਨਗੇ, ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਮਜ਼ਬੂਤ ਰੱਖਣ ਲਈ ਦਿਨ-ਰਾਤ ਕੰਮ ਕਰਨਗੇ ਅਤੇ ਸਮਾਜ ਦੇ ਹਰ ਪੱਛੜੇ ਵਰਗ ਦੀ ਆਵਾਜ਼ ਬਣ ਕੇ ਉੱਭਰਨਗੇ। ਜਾਮਾ ਮਸਜਿਦ ਦੇ ਦਰਵਾਜ਼ੇ ਹਮੇਸ਼ਾ ਇਨ੍ਹਾਂ ਦੇ ਮਾਰਗਦਰਸ਼ਨ ਅਤੇ ਲੋਕ ਹਿੱਤ ਦੇ ਕਾਰਜਾਂ ਲਈ ਖੁੱਲ੍ਹੇ ਹਨ।”

ਇਸ ਮੌਕੇ ਸੀਨੀਅਰ ਨੌਜਵਾਨ ਯੂਥ ਆਗੂ ਮੁਜ਼ੱਮਿਲ ਅਲੀ ਖ਼ਾਨ ਸ਼ੇਰਵਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਦਾ ਧੰਨਵਾਦ ਕੀਤਾ ਅਤੇ ਕਿਹਾ “ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਸਾਡੇ ਸਾਥੀਆਂ ਦੀ ਇਹ ਜਿੱਤ ਕੋਈ ਆਮ ਜਿੱਤ ਨਹੀਂ ਹੈ, ਬਲਕਿ ਇਹ ਸੂਬੇ ਦੇ ਨੌਜਵਾਨਾਂ ਦੇ ਵਿਸ਼ਵਾਸ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਪਹਿਲੀ ਵਾਰ ਸਾਡੀ ਟੀਮ ਨੇ ਇੰਨੇ ਵੱਡੇ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ ਹੈ। ਅਸੀਂ ਸ਼ਾਹੀ ਇਮਾਮ ਸਾਹਿਬ ਦੇ ਬਹੁਤ ਰਿਣੀ ਹਾਂ, ਜਿਨ੍ਹਾਂ ਨੇ ਹਮੇਸ਼ਾ ਸਾਡੀ ਰਹਿਨੁਮਾਈ ਕੀਤੀ ਹੈ। ਇਹ ਜਿੱਤ ਸਾਨੂੰ ਨੌਜਵਾਨਾਂ ਦੇ ਹੱਕਾਂ ਲਈ ਹੋਰ ਵੀ ਮਜ਼ਬੂਤੀ ਨਾਲ ਲੜਨ ਦੀ ਪ੍ਰੇਰਨਾ ਦਿੰਦੀ ਹੈ। ਸਾਡਾ ਮਕਸਦ ਸਿਰਫ਼ ਚੋਣਾਂ ਜਿੱਤਣਾ ਨਹੀਂ, ਬਲਕਿ ਪੰਜਾਬ ਦੇ ਹਰ ਵਰਗ ਦੇ ਨੌਜਵਾਨਾਂ ਦੀ ਆਵਾਜ਼ ਬਣਨਾ ਹੈ। ਅਸੀਂ ਆਉਣ ਵਾਲੇ ਦਿਨਾਂ ਵਿੱਚ ਯੂਥ ਕਾਂਗਰਸ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਾਂਗੇ ਤਾਂ ਜੋ ਨੌਜਵਾਨਾਂ ਦੇ ਰੁਜ਼ਗਾਰ ਅਤੇ ਬਿਹਤਰ ਭਵਿੱਖ ਲਈ ਇੱਕ ਨਵੀਂ ਤਬਦੀਲੀ ਲਿਆਂਦੀ ਜਾ ਸਕੇ।”

ਨਵੇਂ ਚੁਣੇ ਗਏ ਜਨਰਲ ਸਕੱਤਰਾਂ ਆਸਿਫ਼ ਮਲਿਕ, ਮੋਹਸਿਨ ਖ਼ਾਨ, ਮਹਿਫ਼ੂਜ਼ ਸਲਮਾਨੀ, ਖ਼ਾਮਿਦ ਅਲੀ ਅਤੇ ਸਟੇਟ ਸਕੱਤਰਾਂ ਮਾਜਿਦ ਚੌਹਾਨ ਤੇ ਆਸਿਫ਼ ਖ਼ਾਨ ਨੇ ਕਿਹਾ “ਅਸੀਂ ਪਾਰਟੀ ਹਾਈਕਮਾਂਡ ਅਤੇ ਪੰਜਾਬ ਦੇ ਸਮੂਹ ਯੂਥ ਕਾਂਗਰਸ ਵਰਕਰਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਇਸ ਜ਼ਿੰਮੇਵਾਰੀ ਦੇ ਯੋਗ ਸਮਝਿਆ। ਅਸੀਂ ਸਾਰੇ ਸਮੂਹ ਅਹੁਦੇਦਾਰਾਂ ਨੇ ਮੁਜ਼ੱਮਿਲ ਅਲੀ ਖ਼ਾਨ ਦੀ ਯੋਗ ਅਗਵਾਈ ਹੇਠ ਇਹ ਚੋਣ ਲੜੀ ਹੈ, ਜਿਨ੍ਹਾਂ ਦਾ ਚੋਣ ਦੌਰਾਨ ਮਿਲੇ ਪੂਰੇ ਸਹਿਯੋਗ ਅਤੇ ਰਹਿਨੁਮਾਈ ਲਈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਮਿਲੇ ਸਨਮਾਨ ਨੇ ਸਾਡੀ ਜ਼ਿੰਮੇਵਾਰੀ ਨੂੰ ਹੋਰ ਵਧਾ ਦਿੱਤਾ ਹੈ।”

ਉਨ੍ਹਾਂ ਅੱਗੇ ਕਿਹਾ “ਇਸ ਇਤਿਹਾਸਕ ਜਿੱਤ ਤੋਂ ਬਾਅਦ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਸੂਬੇ ਵਿੱਚ ਨੌਜਵਾਨਾਂ ਦੇ ਮਸਲਿਆਂ, ਰੁਜ਼ਗਾਰ ਅਤੇ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰਾਂਗੇ। ਇਸ ਦੇ ਨਾਲ ਹੀ ਪੰਜਾਬ ਦੇ ਮੁਸਲਿਮ ਭਾਈਚਾਰੇ ਦੀਆਂ ਮੰਗਾਂ, ਵਿਿਦਅਕ ਪੱਛੜੇਪਣ ਨੂੰ ਦੂਰ ਕਰਨ ਅਤੇ ਸਮਾਜਿਕ ਤਰੱਕੀ ਲਈ ਪਾਰਟੀ ਪੱਧਰ 'ਤੇ ਪੂਰੀ ਸਰਗਰਮੀ ਨਾਲ ਆਵਾਜ਼ ਚੁੱਕੀ ਜਾਵੇਗੀ। ਭਾਈਚਾਰੇ ਦੇ ਹੱਕਾਂ, ਸੁਰੱਖਿਆ ਅਤੇ ਹਿੱਸੇਦਾਰੀ ਦੀ ਰਾਖੀ ਲਈ ਅਸੀਂ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਾਂਗੇ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਤੇ ਆਪਸੀ ਸਾਂਝ ਨੂੰ ਹੋਰ ਪੀੜ੍ਹੀ-ਦਰ-ਪੀੜ੍ਹੀ ਮਜ਼ਬੂਤ ਬਣਾਵਾਂਗੇ।” ਇਸ ਮੌਕੇ ਜਾਮਾ ਮਸਜਿਦ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ‘ਚ ਨੌਜਵਾਨ ਸਮਰਥਕ ਹਾਜ਼ਰ ਸਨ।
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH