Political News
ਰਾਸ਼ਟਰੀ ਸਮੂਹ ਗਾਇਨ ਮੁਕਾਬਲੇ ਵਿੱਚ ਭਾਰਤੀ ਪਬਲਿਕ ਸਕੂਲ ਨੇ ਨਿਭਾਈ ਅਹਿਮ ਭੂਮਿਕਾ
11 Oct 2026
ਡੇਰਾਬੱਸੀ, 10 ਅਕਤੂਬਰ (ਏ ਸ਼ਰਮਾ)ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਰਾਸ਼ਟਰੀ ਸਮੂਹ ਗਾਇਨ ਮੁਕਾਬਲਾ-2026 ਭਾਰਤੀ ਪਬਲਿਕ ਸਕੂਲ, ਡੇਰਾਬੱਸੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਭਾਰਤੀ ਪਬਲਿਕ ਸਕੂਲ ਨੇ ਮੇਜ਼ਬਾਨ ਸਕੂਲ ਵਜੋਂ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਇਲਾਕੇ ਦੇ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੰਦੀ, ਸੰਸਕ੍ਰਿਤ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਸਮੂਹ ਗਾਇਨ ਪੇਸ਼ ਕਰਕੇ ਦੇਸ਼ ਭਗਤੀ, ਕੌਮੀ ਏਕਤਾ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।ਮੁਕਾਬਲੇ ਵਿੱਚ ਭਾਰਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਿੰਦੀ ਅਤੇ ਸੰਸਕ੍ਰਿਤ ਸਮੂਹ ਗਾਇਨ ਵਰਗ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਵਰਗ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇ ਪਹਿਲਾ ਅਤੇ ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਥੇ ਹੀ, ਪੰਜਾਬੀ ਸਮੂਹ ਗਾਇਨ ਮੁਕਾਬਲੇ ਵਿੱਚ ਗਲੋਬਲ ਵਿਜ਼ਡਮ ਸਕੂਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਜੇਤੂ ਟੀਮ ਐਤਵਾਰ ਨੂੰ ਨਾਭਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਵੇਗੀ।
ਪ੍ਰੋਗਰਾਮ ਦਾ ਉਦਘਾਟਨ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਸੈਣੀ ਨੇ ਕੀਤਾ। ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਕੌਮੀ ਏਕਤਾ, ਅਨੁਸ਼ਾਸਨ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ।
ਮੁਕਾਬਲੇ ਵਿੱਚ ਡੀਏਵੀ ਪਬਲਿਕ ਸਕੂਲ ਅਤੇ ਨਿਊ ਕੈਂਬਰਿਜ ਸਕੂਲ ਸਮੇਤ ਪੰਜ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਜੱਜਾਂ ਦੇ ਪੈਨਲ ਵਿੱਚ ਡਾ. ਸ਼ਕੁੰਤਲਾ, ਸਰਦਾਰ ਹਰਜੀਤ ਸਿੰਘ ਅਤੇ ਕਮਲੇਸ਼ ਇੰਦਰ ਸਿੰਘ ਸ਼ਾਮਲ ਸਨ।
ਇਸ ਮੌਕੇ ਭਾਰਤੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਨੀਰੂ ਧੀਮਾਨ ਸਮੇਤ ਹੋਰ ਪਤਵੰਤਿਆਂ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਸਾਰੇ ਭਾਗ ਲੈਣ ਵਾਲੇ ਸਕੂਲਾਂ ਦੀਆਂ ਟੀਮਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਡਾ. ਬਰਖਾ ਰਾਮ ਨੇ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਕੀਤਾ।
Share This News