Political News
ਗੜੇਮਾਰੀ ਤੋ ਪ੍ਰਭਾਵਿਤ ਕਿਸਾਨਾਂ ਲਈ ਰਾਸ਼ਨ ਸਮੱਗਰੀ ਦਾ ਟਰੱਕ ਭਵਾਨੀਗੜ੍ਹ ਤੋਂ ਮਲੋਟ ਲਈ ਰਵਾਨਾ
10 Jun 2026
ਭਵਾਨੀਗੜ੍ਹ, 10 ਜੂਨ (ਜਤਿੰਦਰ ਸ਼ੈਟੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੜੇਮਾਰੀ ਪ੍ਰਭਾਵਿਤ ਕਿਸਾਨ ਪਰਿਵਾਰਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ ਤਹਿਤ ਕਣਕ ਦਾ ਭਰਿਆ ਟਰੱਕ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਭਵਾਨੀਗੜ੍ਹ ਤੋਂ ਮਲੋਟ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦੇ ਹਲਕਾ ਇੰਚਾਰਜ ਸ਼੍ਰੀ ਅਰਵਿੰਦ ਖੰਨਾ ਨੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਰਾਹਤ ਸਮੱਗਰੀ ਵਾਲੇ ਟਰੱਕ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਗੜੇਮਾਰੀ ਕਾਰਨ ਪ੍ਰਭਾਵਿਤ ਹੋਏ ਕਿਸਾਨ ਪਰਿਵਾਰਾਂ ਦੀ ਮੱਦਦ ਲਈ ਹਲਕਾ ਸੰਗਰੂਰ ਦੇ ਸਮੂਹ ਸਾਥੀਆਂ, ਸੰਗਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਸਦਕਾ ਵੱਡੀ ਮਾਤਰਾ ਵਿੱਚ ਰਾਸ਼ਨ ਸਮੱਗਰੀ ਇਕੱਠੀ ਕੀਤੀ ਜਾ ਸਕੀ ਹੈ। ਸ਼੍ਰੀ ਖੰਨਾ ਨੇ ਕਿਹਾ ਕਿ ਇਹ ਰਾਹਤ ਸਮੱਗਰੀ ਸਿਰਫ਼ ਮਦਦ ਦਾ ਸਾਧਨ ਨਹੀਂ, ਸਗੋਂ ਪੰਜਾਬ ਦੀ ਸਾਂਝੀਵਾਲਤਾ, ਸੇਵਾ ਭਾਵਨਾ ਅਤੇ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਤੀਕ ਹੈ। ਉਨ੍ਹਾਂ ਇਸ ਸੇਵਾ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਦਾਨੀ ਸੱਜਣਾਂ, ਪਾਰਟੀ ਆਗੂਆਂ, ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਪ੍ਰਭਾਵਿਤ ਕਿਸਾਨ ਪਰਿਵਾਰਾਂ ਤੱਕ ਰਾਹਤ ਪਹੁੰਚਾਉਣ ਲਈ ਪਾਰਟੀ ਵੱਲੋਂ ਸੇਵਾ ਅਤੇ ਸਹਿਯੋਗ ਦੀ ਇਹ ਲੜੀ ਅੱਗੇ ਵੀ ਜਾਰੀ ਰੱਖੀ ਜਾਵੇਗੀ। ਇਸ ਮੌਕੇ ਤਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ, ਧਰਮਿੰਦਰ ਸਿੰਘ ਦੁੱਲਟ ਸਾਬਕਾ ਸਰਪੰਚ ਸੰਤੋਖਪੁਰਾ, ਭਰਪੂਰ ਸਿੰਘ ਫੱਗੂਵਾਲਾ, ਜਸਵੀਰ ਸਿੰਘ ਬਾਲਦ ਖੁਰਦ ਸਰਕਲ ਪ੍ਰਧਾਨ, ਗੁਰਨੈਬ ਸਿੰਘ ਰੋਹੀ ਘਰਾਚੋਂ, ਪਰਵਿੰਦਰ ਸਿੰਘ ਘਰਾਚੋਂ, ਕ੍ਰਿਸ਼ਨ ਸਿੰਘ ਭਵਾਨੀਗੜ੍ਹ, ਪ੍ਰਭਜੀਤ ਸਿੰਘ ਲੱਕੀ, ਮਨਦੀਪ ਸਿੰਘ, ਲਾਲ ਸਿੰਘ ਭੜੋ, ਬਲਜੀਤ ਸਿੰਘ ਜੀਤੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ।
Share This News