Breaking News
ਦੋ ਵਾਰਡਾਂ `ਚ ਜਿੱਤ ਹਾਸਲ ਕਰਨ ਵਾਲੇ ਕੌਂਸਲਰ ਮੁਹੰਮਦ ਹਬੀਬ ਨੂੰ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਕਮੇਟੀ ਨੇ ਕੀਤਾ ਸਨਮਾਨਿਤ
Political News

ਦੋ ਵਾਰਡਾਂ `ਚ ਜਿੱਤ ਹਾਸਲ ਕਰਨ ਵਾਲੇ ਕੌਂਸਲਰ ਮੁਹੰਮਦ ਹਬੀਬ ਨੂੰ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਕਮੇਟੀ ਨੇ ਕੀਤਾ ਸਨਮਾਨਿਤ

15 Jun 2026
ਮਾਲੇਰਕੋਟਲਾ, 15 ਜੂਨ, ਗੁਲਦਸਤੇਨੁਮਾ ਸ਼ਹਿਰ ਮਾਲੇਰਕੋਟਲਾ ’ਚ ਇਕ ਵਾਰ ਫਿਰ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਤਿਹਾਸਕ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਲੰਘੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 7 ਤੋਂ ਸੁਰੱਈਆ ਹਬੀਬ ਅਤੇ ਵਾਰਡ ਨੰਬਰ 8 ਤੋਂ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨ ਵਾਲੇ ਕੌਂਸਲਰ ਮੁਹੰਮਦ ਹਬੀਬ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਆਯੋਜਿਤ ਇਸ ਸਨਮਾਨ ਸਮਾਗਮ ਦੌਰਾਨ ਕੌਂਸਲਰ ਮੁਹੰਮਦ ਹਬੀਬ ਦੇ ਨਾਲ ਪਹੁੰਚੇ ਹਾਫਿਜ਼ ਯਾਮੀਨ, ਹਾਜੀ ਜਮੀਲ, ਮੁਹੰਮਦ ਸਲੀਮ ਅਤੇ ਮੁਹੰਮਦ ਅਸਲਮ ਦਾ ਵੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਕੌਂਸਲਰ ਮੁਹੰਮਦ ਹਬੀਬ ਵੱਲੋਂ ਗੁਰਦੁਆਰਾ ਸਾਹਿਬ ਦੀ ਲੰਗਰ ਸੇਵਾ ਲਈ 51,000 ਰੁਪਏ ਦਾ ਯੋਗਦਾਨ ਭੇਟ ਕੀਤਾ ਗਿਆ।ਇਸ ਮੌਕੇ ਪ੍ਰਧਾਨ ਹਰਿੰਦਰ ਸਿੰਘ ਢੀਂਡਸਾ ਨੇ ਮੁਹੰਮਦ ਹਬੀਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਇਹ ਯੋਗਦਾਨ ਸਮਾਜਿਕ ਅਤੇ ਧਾਰਮਿਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ।ਆਪਣੇ ਸੰਬੋਧਨ ਦੌਰਾਨ ਕੌਂਸਲਰ ਮੁਹੰਮਦ ਹਬੀਬ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨਵੀਂ ਸੋਚ, ਸਾਫ ਨੀਅਤ ਅਤੇ ਲੋਕ ਸੇਵਾ ਦੇ ਮਕਸਦ ਨਾਲ ਚੋਣ ਮੈਦਾਨ ’ਚ ਉੱਤਰੇ ਸਨ। ਵਾਰਡ ਦੇ ਹਰ ਧਰਮ ਅਤੇ ਵਰਗ ਦੇ ਲੋਕਾਂ ਨੇ ਉਨ੍ਹਾਂ ਦੇ ਵਿਸ਼ਵਾਸ `ਤੇ ਮੋਹਰ ਲਗਾਈ ਅਤੇ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਿਆ ਹੈ।ਉਨ੍ਹਾਂ ਕਿਹਾ ਕਿ ਦੋਵਾਂ ਵਾਰਡਾਂ ਦੇ ਵੋਟਰ ਮੇਰੇ ਲਈ ਸਿਰਫ ਵੋਟਰ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਹ ਹਰ ਸਮੇਂ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ।ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਲੋਕਾਂ ਨੇ ਇਕ ਵਾਰ ਫਿਰ ਆਪਸੀ ਭਾਈਚਾਰੇ ਅਤੇ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ।ਇਸ ਮੌਕੇ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਦੇ ਪ੍ਰਧਾਨ ਭਾਈ ਹਰਿੰਦਰ ਸਿੰਘ ਢੀਂਡਸਾ, ਖਜ਼ਾਨਚੀ ਭਾਈ ਬਹਾਦਰ ਸਿੰਘ, ਲੰਗਰ ਇੰਚਾਰਜ ਭਾਈ ਆਤਮਾ ਸਿੰਘ, ਲਾਇਬ੍ਰੇਰੀ ਇੰਚਾਰਜ ਇੰਸਪੈਕਟਰ ਆਤਮਾ ਸਿੰਘ, ਸਟੋਰ ਕੀਪਰ ਭਾਈ ਗੁਰਦੀਪ ਸਿੰਘ, ਡਾ. ਹਰਮੇਲ ਸਿੰਘ, ਰਘਵੀਰ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਸਮਾਗਮ ਦੌਰਾਨ ਹਾਜ਼ਰ ਰਹੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਰਿੰਦਰ ਪਾਲ ਸਿੰਘ (ਨਾਨੂੰ) ਨੇ ਸਮੂਹ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਜਿ਼ਕਰਯੋਗ ਹੈ ਕਿ ਕੌਂਸਲਰ ਮੁਹੰਮਦ ਹਬੀਬ ਵੱਲੋਂ ਵਾਰਡ ਨੰਬਰ-7 ਤੇ 8 `ਚ ਪ੍ਰਾਪਤ ਕੀਤੀ ਗਈ ਸ਼ਾਨਾਮਤੀ ਇਤਿਹਾਸਕ ਜਿੱਤ ਦੇ ਜਿਥੇ ਸੋਸ਼ਲ ਮੀਡੀਆ ਸਮੇਤ ਹਰ ਪਾਸੇ ਖੂਬ ਚਰਚੇ ਚੱਲ ਰਹੇ ਹਨ ਉਥੇ ਦੋਵਾਂ ਵਾਰਡਾਂ ਵਿੱਚ ਹੋਈ ਇਤਿਹਾਸਕ ਜਿੱਤ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। 
Get In Touch

Kuti Road Near SR Flex Malerkotla

+91 9115136300

Recenttimes1@gmail.com

Follow Us

© Recent Time. All Rights Reserved. Design by BB TECH