Local News
ਤੀਜੇ ਘੱਲੂਘਾਰੇ ਦੀ ਯਾਦ ਵਿਚ ਸਮਾਗਮ ਕਰਵਾਇਆ
07 Jun 2026
ਭਵਾਨੀਗੜ੍ਹ, 6 ਜੂਨ (ਜਤਿੰਦਰ ਸ਼ੈਟੀ )-ਸਿੱਖ ਜਥਾ ਮਾਲਵਾ ਵੱਲੋਂ ਇਲਾਕੇ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਪਾਤਿਸਾਹੀ ਨੌਵੀਂ ਭਵਾਨੀਗੜ੍ਹ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਃਪਾਃਨੌਵੀਂ ਭਵਾਨੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਈ ਮਨਪ੍ਰੀਤ ਸਿੰਘ ਬਖੋਪੀਰ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਜਿਸ ਉਪਰੰਤ ਮੁੱਖ ਬੁਲਾਰੇ ਭਾਈ ਪਰਮਜੀਤ ਸਿੰਘ ਗਾਜੀ (ਸੰਪਾਦਕ, ਸਿੱਖ ਸਿਆਸਤ) ਨੇ ਸੰਗਤਾਂ ਨਾਲ ਜੂਨ 1984 ਦੀ ਜੰਗ ਬਾਰੇ ਜਿੱਥੇ ਇਤਿਹਾਸਕ ਪੱਖ ਤੋਂ ਸਾਂਝ ਪਾਈ ਉਥੇ ਸਿੱਖ ਰਾਜਨੀਤੀ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਭਵਿੱਖ ਦੀ ਬਿਹਤਰੀ ਲਈ ਸਾਡੇ ਕਰਨਯੋਗ ਕਾਰਜਾਂ ਬਾਬਤ ਵਿਸਥਾਰ ਵਿੱਚ ਜਾਣਾਕਰੀ ਸਾਂਝੀ ਕੀਤੀ। ਉਹਨਾਂ ਜੂਨ 1984 ਬਾਰੇ ਬੋਲਦਿਆਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਦਿੱਲੀ ਤਖਤ ਵੱਲੋਂ ਇਹ ਝੂਠਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘ ਮੌਜੂਦ ਸਨ ਜਿਸ ਕਰਕੇ ਹਮਲਾ ਕਰਨਾ ਪਿਆ ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਜਿਹੜੇ 65 ਹੋਰ ਗੁਰਦੁਆਰਾ ਸਾਹਿਬਾਨ ‘ਤੇ ਫੌਜ ਨੇ ਹਮਲਾ ਕੀਤਾ ਸੀ ਉਥੇ ਤਾਂ ਸੰਤ ਨਹੀਂ ਸਨ। ਉਨ੍ਹਾਂ ਨੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਨਾਵਾਂ ਦੀ ਸਾਂਝ ਵੀ ਸੰਗਤ ਨਾਲ ਪਾਈ। ਉਨ੍ਹਾਂ ਕਿਹਾ ਕਿ ਇਹ ਹਮਲਾ ਮਹਿਜ ਕੁਝ ਸਖਸ਼ੀਅਤਾਂ ਨੂੰ ਖਤਮ ਕਰਨ ਦਾ ਨਹੀਂ ਸੀ ਸਗੋਂ ਇਹ ਬਹੁਤ ਵਿਆਪਕ ਸ਼ਰੀਰਕ ਅਤੇ ਮਾਨਸਿਕ ਹਮਲਾ ਸੀ ਜਿਸ ਨਾਲ ਦਿੱਲੀ ਤਖਤ ਦਾ ਬਿਪਰ ਸਿੱਖ ਸੰਗਤ ਨੂੰ ਸਦਾ ਲਈ ਆਪਣੇ ਵਿਚ ਜਜਬ ਕਰਨਾ ਚਾਹੁੰਦਾ ਸੀ।
ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਬਾਬਾ ਇੰਦਰ ਸਿੰਘ ਕਾਰਸੇਵਾ ਪਟਿਆਲਾ, ਗਿਆਨੀ ਰਣਜੀਤ ਸਿੰਘ ਨਿਰਮਲ ਬੁੰਗਾ ਭਿੰਡਰਾਂ ਦਮਦਮੀ ਟਕਸਾਲ, ਭਾਈ ਗੁਰਦਿੱਤ ਸਿੰਘ ਆਲੋਅਰਖ, ਸ. ਜਗਜੀਤ ਸਿੰਘ ਮਨੇਜਰ, ਜਥੇਦਾਰ ਗੁਰਦੀਪ ਸਿੰਘ ਕਾਲਾਝਾੜ, ਸ.ਮਲਕੀਤ ਸਿੰਘ ਚੰਗਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਡਾ.ਅਵਤਾਰ ਸਿੰਘ, ਨਰਿੰਦਰ ਸਿੰਘ ਹਾਕੀ, ਸਵਰਨ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਭਾਈ ਸਤਪਾਲ ਸਿੰਘ, ਭਾਈ ਬਲਵਿੰਦਰ ਸਿੰਘ ਘਰਾਚੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਣਜੀਤ ਸਿੰਘ ਅਤੇ ਰਵਿੰਦਰਪਾਲ ਸਿੰਘ, ਮਨਦੀਪ ਸਿੰਘ, ਬਾਬਾ ਰਾਮ ਸਿੰਘ ਆਦਿ ਸਿੱਖ ਸੰਗਤ ਹਾਜਰ ਸੀ।
Share This News