Local News
ਮਹੀਨਾਵਾਰ ਸਾਹਿਤਕ ਸਮਾਗਮ 7 ਜੂਨ ਨੂੰ
05 Jun 2026
ਧੂਰੀ, 5 ਜੂਨ ( ਰੀ.ਟਾ. )-ਪੰਜਾਬੀ ਸਾਹਿਤ ਸਭਾ ( ਰਜਿ: ) ਦੀ ਮਹੀਨਾਵਾਰ ਇਕੱਤਰਤਾ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 07 ਜੂਨ ਨੂੰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਸਵੇਰੇ 09 - 30 ਵਜੇ ਹੋਵੇਗੀ । ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਨੇ ਦੱਸਿਆ ਕਿ ਇਹ ਸਮਾਗਮ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ, ਜਿਸ ਵਿੱਚ ਪੰਜਾਬ ਵਿਚਲੇ ਸੈਨਿਕ ਸਕੂਲਾਂ ਵੱਲੋਂ ਪੰਜਾਬੀ ਵਿਸ਼ੇ ਨੂੰ ਨਜ਼ਰ ਅੰਦਾਜ਼ ਕਰਨ ਤੋਂ ਇਲਾਵਾ ਪੰਜਾਬ ਰਾਜ ਭਾਸ਼ਾ ਐਕਟ 2008 ਨੂੰ ਸਮੁੱਚੇ ਪੰਜਾਬ ਵਿੱਚ ਵੀ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਵਿਸਥਾਰਤ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਦੋਵੇਂ ਸਰਕਾਰਾਂ ਨੂੰ ਐੱਸ. ਡੀ. ਐੱਮ. ਧੂਰੀ ਰਾਹੀਂ ਭੇਜਿਆ ਜਾਣ ਵਾਲ਼ਾ ਮੰਗ ਪੱਤਰ ਵੀ ਤਿਆਰ ਕੀਤਾ ਜਾਵੇਗਾ ।ਦੂਸਰੇ ਦੌਰ ਵਿੱਚ ਜਨਵਰੀ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਵਿਤਾ ਸਿਖਲਾਈ ਸਕੂਲ ਦਾ ਛੇਵਾਂ ਪਾਠ ਪੜ੍ਹਾਇਆ ਜਾਵੇਗਾ ਜਿਸ ਦੇ ਅਧਿਆਪਕ ਛੰਦ ਸ਼ਾਸਤਰੀ ਸ. ਜੰਗ ਸਿੰਘ ਫ਼ੱਟੜ ਹੋਣਗੇ । ਇਸ ਤੋਂ ਉਪਰੰਤ ਹਾਜ਼ਰ ਕਵੀਆਂ ਦੀਆਂ ਸੱਜਰੀਆਂ ਅਤੇ ਚੋਣਵੀਆਂ ਕਾਵਿ ਰਚਨਾਵਾਂ ਦਾ ਵਿਸ਼ਾਲ ਕਵੀ ਦਰਬਾਰ ਵੀ ਕੀਤਾ ਜਾਵੇਗਾ ।
Share This News