Local News
ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ: ਜਥੇਦਾਰ ਚੱਕ
01 Oct 2026
ਮਾਲੇਰਕੋਟਲਾ:1 ਅਕਤੂਬਰ (ਰੀਸੈਂਟ ਟਾਈਮਜ ) ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਆਲਮ ਹਾਊਸ, ਲੁਧਿਆਣਾ ਰੋਡ, ਮਾਲੇਰਕੋਟਲਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਮਰਹੂਮ ਡੀ.ਜੀ.ਪੀ. ਅਤੇ ਪਦਮ ਸ਼੍ਰੀ ਜਨਾਬ ਇਜ਼ਹਾਰ ਆਲਮ ਜੀ ਦੀ ਨਿੱਘੀ ਯਾਦ ਵਿੱਚ ਇਹ ਸਮਾਗਮ ਉਹਨਾਂ ਦੀ ਧਰਮ ਪਤਨੀ ਅਤੇ ਮਾਲੇਰਕੋਟਲਾ ਤੋਂ ਸਾਬਕਾ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਦੀ ਸੁਚੱਜੀ ਅਗਵਾਈ ਹੇਠ ਸੰਪੰਨ ਹੋਇਆ।ਇਸ ਮੌਕੇ ਜਥੇਦਾਰ ਹਾਕਮ ਸਿੰਘ ਚੱਕ ਅਤੇ ਕੌਂਸਲਰ ਹਾਜੀ ਮੁਹੰਮਦ ਅਖ਼ਤਰ ਦੀ ਦੇਖ-ਰੇਖ ਹੇਠ ਵਾਰਡ ਨੰਬਰ 2, ਜਮਾਲਪੁਰਾ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਖੇਡ ਯੂਨੀਫ਼ਾਰਮਾਂ ਵੰਡ ਕੇ ਸਨਮਾਨਿਤ ਕੀਤਾ ਗਿਆ।ਪਤਰਕਾਰਾਂ ਨਾਲ ਗਲਬਾਤ ਕਰਦਿਆਂ ਜਥੇਦਾਰ ਹਾਕਮ ਚੱਕ ਅਤੇ ਹਾਜੀ ਅਖ਼ਤਰ ਨੇ ਆਖਿਆ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ। ਖੇਡਾਂ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹਨ, ਸਗੋਂ ਇਹ ਨੌਜਵਾਨਾਂ ਵਿੱਚ ਅਨੁਸ਼ਾਸਨ, ਆਪਸੀ ਭਾਈਚਾਰਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਹਨਾਂ ਕਿਹਾ ਕਿ ਜਨਾਬ ਇਜ਼ਹਾਰ ਆਲਮ ਜੀ ਦੀ ਸੋਚ ਹਮੇਸ਼ਾ ਸਮਾਜ ਸੁਧਾਰ ਅਤੇ ਨੌਜਵਾਨਾਂ ਦੇ ਰੌਸ਼ਨ ਭਵਿੱਖ ਦੀ ਰਹੀ ਹੈ, ਅਤੇ ਇਹ ਉਪਰਾਲਾ ਵੀ ਉਹਨਾਂ ਦੇ ਉਸੇ ਸੁਪਨੇ ਨੂੰ ਅੱਗੇ ਵਧਾਉਣ ਦੀ ਇੱਕ ਨਿਮਾਣੀ ਕੋਸ਼ਿਸ਼ ਹੈ।ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਇਲਾਕੇ ਦੀਆਂ ਕਈ ਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਹਨਾਂ ਵਿੱਚ ਪਰਵੇਜ਼ ਹੁਸੈਨ (ਪਰਵੇਜ਼ ਫੁੱਟਵਿਅਰ, ਚੌਕ 786), ਮੁਹੰਮਦ ਰਮਜ਼ਾਨ ਨੰਦਨ, ਮੁਹੰਮਦ ਹਲੀਮ ਕਾਲਾ ਅਤੇ ਮੁਹੰਮਦ ਮਿਰਜ਼ਾ ਪ੍ਰਮੁੱਖਤਾ ਨਾਲ ਹਾਜ਼ਰ ਸਨ।ਜਮਾਲਪੁਰਾ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਯੂਨੀਫ਼ਾਰਮ ਪ੍ਰਾਪਤ ਕਰਨ ਤੋਂ ਬਾਅਦ ਬੀਬੀ ਫਰਜ਼ਾਨਾ ਆਲਮ, ਜਥੇਦਾਰ ਹਾਕਮ ਸਿੰਘ ਚੱਕ ਅਤੇ ਕੌਂਸਲਰ ਹਾਜੀ ਮੁਹੰਮਦ ਅਖ਼ਤਰ ਸਮੇਤ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਖਿਡਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਖੇਡਾਂ ਦੇ ਖੇਤਰ ਵਿੱਚ ਆਪਣੀ ਮਿਹਨਤ ਨਾਲ ਇਲਾਕੇ ਦਾ ਨਾਂ ਰੌਸ਼ਨ ਕਰਨਗੇ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਮੈਦਾਨਾਂ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ।
Share This News