Local News
ਪੁਲਿਸ ਕਰਮਚਾਰੀ ਦੀ ਕਾਰਗੁਜਾਰੀ ਤੋਂ ਨਾਖੁਸ਼ ਚੰਡੀਗੜ੍ਹ ਨਿਵਾਸੀ ਨੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਇਨਸਾਫ ਦੀ ਲਗਾਈ ਗੁਹਾਰ
08 Jul 2026
ਜ਼ੀਰਕਪੁਰ, 8 ਜੁਲਾਈ ( ਅਸ਼ੋਕ ਜੋਸ਼ੀ ) ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਚੰਡੀਗੜ੍ਹ ਸੈਕਟਰ 23 ਦੇ ਇੱਕ ਨਿਵਾਸੀ ਨੇ ਜਿਲੇ ਦੇ ਐਸਐਸਪੀ ਅਤੇ ਹੋਰ ਉੱਚ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ।
ਆਪਣੇ ਨਾਲ ਬੀਤੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੱਤਰ ਵਿੱਚ ਸ਼ਿਕਾਇਤ ਕਰਤਾ ਨੇ ਦੱਸਿਆ ਹੈ ਕਿ ਬੀਤੀ 4 ਜੁਲਾਈ ਨੂੰ ਰਾਤ ਵੇਲੇ ਜਦੋਂ ਉਹ ਡੀ ਮਾਰਟ ਜ਼ੀਰਕਪੁਰ ਤੋਂ ਖਰੀਦਦਾਰੀ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਜੀਰਕਪੁਰ ਦੇ ਮੈਟਰੋ ਖੇਤਰ ਵਿੱਚ ਪਹੁੰਚਣ ਤੇ ਇੱਕ ਤੇਜ਼ ਰਫਤਾਰ ਟਰੱਕ ਨੇ ਓਵਰਟੇਕ ਕਰਦੇ ਸਮੇਂ ਉਸਦੀ ਕਾਰ ਦੇ ਪਿਛਲੇ ਪਾਸੇ ਟੱਕਰ ਮਾਰ ਦਿੱਤੀ । ਟਰੱਕ ਡਰਾਈਵਰ ਨੇ ਮੌਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਉਸਨੇ ਟਰੱਕ ਨੂੰ ਰੋਕਿਆ ਅਤੇ ਹੈਲਪਲਾਈਨ ਨੰਬਰ 112 ਤੇ ਫੋਨ ਕੀਤਾ । ਮੌਕੇ ਤੇ ਪਹੁੰਚੇ ਪੀਸੀਆਰ ਕਰਮਚਾਰੀਆਂ ਨੇ ਟਰੱਕ ਡਰਾਈਵਰ ਅਤੇ ਉਸਨੂੰ ਜੀਰਕਪੁਰ ਪੁਲਿਸ ਸਟੇਸ਼ਨ ਰਿਪੋਰਟ ਕਰਨ ਲਈ ਕਿਹਾ ਜਿੱਥੇ ਪੁਲਿਸ ਵਾਲਿਆਂ ਨੇ ਮੌਕੇ ਤੇ ਨਿਯੁਕਤ ਇੱਕ ਪੁਲਿਸ ਕਰਮਚਾਰੀ ਸਾਹਮਣੇ ਪੇਸ਼ ਹੋਣ ਲਈ ਕਿਹਾ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਪੁਲਿਸ ਕਰਮਚਾਰੀ ਨੇ ਟਰੱਕ ਡਰਾਈਵਰ ਅਤੇ ਉਸਦੇ ਸਹਾਇਕ ਦਾ ਹੀ ਪੱਖ ਪੂਰਿਆ ਅਤੇ ਉਸ ਨੂੰ ਇਨਸਾਫ ਨਹੀਂ ਦਿਲਵਾਇਆ ਗਿਆ ਅਤੇ ਉਸ ਨਾਲ ਬੁਰਾ ਵਿਵਹਾਰ ਕੀਤਾ ਗਿਆ , ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਸ ਦੀ ਪਤਨੀ ਦੇ ਸਾਹਮਣੇ ਉਸ ਦੇ ਕਥਿਤ ਤੌਰ ਤੇ ਥੱਪੜ ਵੀ ਜੜਿਆ ਗਿਆ ਅਤੇ ਡਰਾਇਆ ਧਮਕਾਇਆ ਗਿਆ । ਇਸ ਤੋਂ ਬਾਅਦ ਵੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਟਰੱਕ ਡਰਾਈਵਰ ਨੂੰ ਛੱਡ ਦਿੱਤਾ ਅਤੇ ਪੁਲਿਸ ਸਟੇਸ਼ਨ ਤੋਂ ਬਾਹਰ ਭੇਜ ਦਿੱਤਾ ਅਤੇ ਬੀਮੇ ਦਾ ਦਾਅਵਾ ਕਰਨ ਦੇ ਯੋਗ ਬਨਾਉਣ ਲਈ ਸਿਰਫ ਉਸਦੀ ਅਰਜੀ ਦੀ ਰਿਸੀਦ ਉਸਨੂੰ ਦੇ ਦਿੱਤੀ ਅਤੇ ਪੁਲਿਸ ਸਟੇਸ਼ਨ ਛੱਡਣ ਦੀ ਇਜਾਜ਼ਤ ਦੇ ਦਿੱਤੀ। ਉਪਰੰਤ ਉਸਨੇ ਚੰਡੀਗੜ੍ਹ ਦਾ ਨਿਵਾਸੀ ਹੋਣ ਕਰਕੇ ਇਸ ਬੇਇਨਸਾਫੀ ਖਿਲਾਫ ਪੁਲਿਸ ਚੌਂਕੀ ਸੈਕਟਰ 22 ਵਿਖੇ ਡੀਡੀਆਰ ਦਰਜ ਕਰਵਾਈ । ਜਿਲੇ ਦੇ ਐਸਐਸਪੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਉਸ ਨੇ ਮੰਗ ਕੀਤੀ ਹੈ ਕਿ ਉਕਤ ਪੁਲਿਸ ਕਰਮਚਾਰੀ ਦੇ ਖਿਲਾਫ ਤੁਰੰਤ ਢੁਕਵੀਂ ਕਾਰਵਾਈ ਕੀਤੀ ਜਾਵੇ ਤਾਂ ਕਿ ਪੁਲਿਸ ਪ੍ਰਸ਼ਾਸਨ ਵਿੱਚ ਜਨਤਾ ਦਾ ਵਿਸ਼ਵਾਸ ਬਰਕਰਾਰ ਰਹੇ ਭਵਿੱਖ ਵਿੱਚ ਕਿਸੇ ਵੀ ਨਾਗਰਿਕ ਵਿਰੁੱਧ ਸਰਕਾਰੀ ਅਧਿਕਾਰ ਦੀ ਦੁਰਵਰਤੋਂ ਨਾ ਹੋ ਸਕੇ।
Share This News